2 Kings 20

1ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬੀਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜੁੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਨਹੀਂ ਬਚੇਂਗਾ । 2ਤਦ ਉਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਕੋਲੋਂ ਇਹ ਪ੍ਰਾਰਥਨਾ ਕੀਤੀ । 3ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਚੇਤੇ ਕਰ ਕਿ ਮੈਂ ਕਿਵੇਂ ਵਫਾਦਾਰੀ ਨਾਲ ਤੇ ਪੂਰੇ ਦਿਲ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਓਹੋ ਮੈਂ ਕੀਤਾ ਹੈ, ਤਾਂ ਹਿਜ਼ਕੀਯਾਹ ਭੁੱਬਾਂ ਮਾਰ ਕੇ ਰੋਇਆ ।

4ਤਾਂ ਇਸ ਤਰ੍ਹਾਂ ਕਿ ਯਸਾਯਾਹ ਨਿੱਕਲ ਕੇ ਵਿਹੜੇ ਦੇ ਵਿੱਚਕਾਰ ਵੀ ਨਹੀਂ ਗਿਆ ਸੀ, ਕਿ ਯਹੋਵਾਹ ਦਾ ਬਚਨ ਉਸ ਨੂੰ ਮਿਲਿਆ । 5ਕਿ ਮੁੜ ਜਾ ਅਤੇ ਤੂੰ ਮੇਰੀ ਪਰਜਾ ਦੇ ਪ੍ਰਧਾਨ ਹਿਜ਼ਕੀਯਾਹ ਨੂੰ ਆਖ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ । ਮੈਂ ਤੇਰੇ ਅੱਥਰੂ ਵੇਖ ਲਏ ਹਨ । ਵੇਖ, ਮੈਂ ਤੈਨੂੰ ਚੰਗਾ ਕਰਨ ਵਾਲਾ ਹਾਂ ਤੀਜੇ ਦਿਹਾੜੇ ਤੂੰ ਯਹੋਵਾਹ ਦੇ ਭਵਨ ਵਿੱਚ ਜਾਏਂਗਾ ।

6ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾਵਾਂਗਾ ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜਾ ਦੇ ਹੱਥੋਂ ਛੁਡਾਵਾਂਗਾ ਅਤੇ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਸਾਂਭ ਰੱਖਾਂਗਾ । 7ਤਾਂ ਯਸਾਯਾਹ ਨੇ ਆਖਿਆ, ਤੁਸੀਂ ਹੰਜੀਰਾਂ ਦੀ ਇੱਕ ਲੁਪਰੀ ਲਓ । ਸੋ ਉਨ੍ਹਾਂ ਨੇ ਉਹ ਲੈ ਕੇ ਫੋੜੇ ਉੱਤੇ ਬੱਧੀ ਅਤੇ ਉਹ ਚੰਗਾ ਹੋ ਗਿਆ ।

8ਫੇਰ ਹਿਜ਼ਕੀਯਾਹ ਨੇ ਯਸਾਯਾਹ ਤੋਂ ਪੁੱਛਿਆ ਕਿ ਕੀ ਨਿਸ਼ਾਨ ਹੈ ਜੋ ਯਹੋਵਾਹ ਮੈਨੂੰ ਚੰਗਾ ਕਰ ਦੇਵੇਗਾ ਅਤੇ ਮੈਂ ਤੀਜੇ ਦਿਹਾੜੇ ਯਹੋਵਾਹ ਦੇ ਭਵਨ ਨੂੰ ਜਾਂਵਾਂਗਾ ? 9ਤਾਂ ਯਸਾਯਾਹ ਨੇ ਆਖਿਆ ਕਿ ਇਸ ਗੱਲ ਦਾ ਕਿ ਯਹੋਵਾਹ ਨੇ ਜੋ ਕੰਮ ਕਰਨ ਨੂੰ ਆਖਿਆ ਹੈ, ਉਹ ਨੂੰ ਕਰੇਗਾ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੈ, ਕੀ ਪਰਛਾਵਾਂ ਦਸ ਦਰਜੇ ਅਗਾਹਾਂ ਨੂੰ ਜਾਏ ਜਾਂ ਦਸ ਦਰਜੇ ਪਿਛਾਹਾਂ ਨੂੰ ਮੁੜੇ ?

10ਤਾਂ ਹਿਜ਼ਕੀਯਾਹ ਬੋਲਿਆ ਕਿ ਪਰਛਾਵੇਂ ਦਾ ਦਸ ਦਰਜੇ ਅਗਾਹਾਂ ਜਾਣਾ ਤਾਂ ਨਿੱਕੀ ਜਿਹੀ ਗੱਲ ਹੈ । ਨਹੀਂ ਸਗੋਂ ਪਰਛਾਵਾਂ ਦਸ ਦਰਜੇ ਪਿਛਾਹਾਂ ਨੂੰ ਮੁੜੇ । 11ਫਿਰ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਸੋ ਉਸ ਨੇ ਪਰਛਾਵੇਂ ਨੂੰ ਆਹਾਜ਼ ਦੀ ਧੁੱਪ ਘੜੀ ਵਿੱਚ ਦਸ ਦਰਜੇ ਅਰਥਾਤ ਜਿੰਨ੍ਹਾਂ ਉਹ ਢਲ ਚੁੱਕਿਆ ਸੀ, ਓਨ੍ਹਾਂ ਹੀ ਪਿੱਛੇ ਨੂੰ ਮੋੜ ਦਿੱਤਾ ।

12ਉਸ ਵੇਲੇ ਬਾਬਲ ਦੇ ਰਾਜਾ ਬਲਦਾਨ ਦੇ ਪੁੱਤਰ ਬਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਸੁਗਾਤ ਅਤੇ ਚਿੱਠੀਆਂ ਭੇਜੀਆਂ, ਕਿਉਂ ਜੋ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬੀਮਾਰ ਹੋ ਗਿਆ ਸੀ । 13ਅਤੇ ਹਿਜ਼ਕੀਯਾਹ ਨੇ ਉਨ੍ਹਾਂ ਦੀ ਸੁਣੀ ਅਤੇ ਆਪਣਾ ਸਾਰਾ ਤੋਸ਼ਾ ਖਾਨਾ ਉਨ੍ਹਾਂ ਨੂੰ ਵਿਖਾਇਆ, ਚਾਂਦੀ, ਸੋਨਾ, ਮਸਾਲਾ, ਖ਼ਾਲਸ ਤੇਲ, ਆਪਣਾ ਸ਼ਸਤਰ ਖਾਨਾ ਅਤੇ ਸਭ ਕੁਝ ਜੋ ਉਹ ਦੇ ਖਜ਼ਾਨਿਆਂ ਵਿੱਚ ਸੀ । ਉਹ ਦੇ ਮਹਿਲ ਤੇ ਉਹ ਦੇ ਸਾਰੇ ਰਾਜ ਵਿੱਚ ਕੁਝ ਅਜਿਹਾ ਨਹੀਂ ਸੀ, ਜੋ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਨਾ ਵਿਖਾਇਆ ।

14ਤਦ ਯਸਾਯਾਹ ਨਬੀ ਹਿਜ਼ਕੀਯਾਹ ਰਾਜਾ ਕੋਲ ਆਇਆ ਅਤੇ ਉਹ ਨੂੰ ਆਖਿਆ, ਇਨ੍ਹਾਂ ਮਨੁੱਖਾਂ ਨੇ ਕੀ ਆਖਿਆ ਅਤੇ ਉਹ ਕਿੱਥੋਂ ਤੇਰੇ ਕੋਲ ਆਏ ? ਹਿਜ਼ਕੀਯਾਹ ਨੇ ਅੱਗੋਂ ਆਖਿਆ, ਉਹ ਇੱਕ ਦੂਰ ਦੇਸ ਤੋਂ ਆਏ, ਬਾਬਲ ਤੋਂ । 15ਤਾਂ ਉਸ ਆਖਿਆ ਕਿ ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ ਵੇਖਿਆ ? ਤਦ ਹਿਜ਼ਕੀਯਾਹ ਨੇ ਆਖਿਆ ਕਿ ਜੋ ਕੁਝ ਮੇਰੇ ਮਹਿਲ ਵਿੱਚ ਹੈ ਉਹ ਸਭ ਉਨ੍ਹਾਂ ਨੇ ਵੇਖਿਆ ਹੈ । ਮੇਰਿਆਂ ਖਜ਼ਾਨਿਆਂ ਵਿੱਚ ਕੋਈ ਵਸਤੂ ਨਹੀਂ ਜੋ ਮੈਂ ਉਨ੍ਹਾਂ ਨੂੰ ਨਹੀਂ ਵਿਖਾਈ ।

16ਤਦ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ ਕਿ ਤੂੰ ਯਹੋਵਾਹ ਦਾ ਬਚਨ ਸੁਣ ਲੈ ! 17ਵੇਖ ਉਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਅਤੇ ਜੋ ਕੁਝ ਤੇਰੇ ਪਿਉ-ਦਾਦਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੈ ਬਾਬਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਾ ਜਾਵੇਗਾ, ਯਹੋਵਾਹ ਆਖਦਾ ਹੈ । 18ਅਤੇ ਤੇਰਿਆਂ ਪੁੱਤਰਾਂ ਵਿੱਚੋਂ ਜੋ ਤੇਰੇ ਤੋਂ ਪੈਦਾ ਹੋਣਗੇ ਅਤੇ ਜੋ ਤੇਰੇ ਤੋਂ ਜੰਮਣਗੇ, ਕਈਆਂ ਨੂੰ ਓਹ ਲੈ ਜਾਣਗੇ ਅਤੇ ਉਹ ਬਾਬਲ ਦੇ ਰਾਜਾ ਦੇ ਮਹਿਲ ਵਿੱਚ ਖੋਜੇ ਬਣਨਗੇ ।

19ਅੱਗੋਂ ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ ਕਿ ਯਹੋਵਾਹ ਦਾ ਬਚਨ ਜੋ ਤੂੰ ਬੋਲਿਆ ਹੈ ਉਹ ਭਲਾ ਹੈ ਅਤੇ ਉਹ ਨੇ ਆਖਿਆ, ਕੀ ਇਹ ਗੱਲ ਨਹੀਂ ਕਿ ਮੇਰੇ ਦਿਨਾਂ ਵਿੱਚ ਸੁਲਾਹ ਤੇ ਸਚਿਆਈ ਰਹੇਗੀ ?

20ਹਿਜ਼ਕੀਯਾਹ ਦੀ ਬਾਕੀ ਵਾਰਤਾ ਅਤੇ ਉਹ ਦੀ ਸਾਰੀ ਸਮਰੱਥਾ ਅਤੇ ਕਿਵੇਂ ਉਹ ਨੇ ਇੱਕ ਤਲਾਓ ਤੇ ਨਾਲੀ ਬਣਾ ਕੇ ਸ਼ਹਿਰ ਵਿੱਚ ਪਾਣੀ ਲਿਆਂਦਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ? ਸੋ ਹਿਜ਼ਕੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਹ ਦਾ ਪੁੱਤਰ ਮਨੱਸ਼ਹ ਉਹ ਦੇ ਥਾਂ ਰਾਜ ਕਰਨ ਲੱਗਾ ।

21

Copyright information for PanULB